ਹਰੀ ਸਿੰਘ ਨਲਵਾ ਦੀ ਸ਼ਹਾਦਤ ਕਦੋਂ, ਕਿਵੇਂ ਅਤੇ ਕਿਉਂ? 

ਹਰੀ ਸਿੰਘ ਨਲਵਾ ਦੀ ਸ਼ਹਾਦਤ ਕਦੋਂ, ਕਿਵੇਂ ਅਤੇ ਕਿਉਂ? 

ਸ. ਹਰੀ ਸਿੰਘ ਨਲਵਾ ਨੇ 17 ਅਕਤੂਬਰ, 1836 ਨੂੰ ਜਮਰੌਦ ਕਿਲ੍ਹੇ ਦੀ ਨੀਂਹ ਰੱਖ ਕੇ ਆਸ-ਪਾਸ ਹੋਰ ਛੋਟੇ ਕਿਲ੍ਹਿਆਂ-ਬੁਰਜ ਹਰੀ ਸਿੰਘ, ਕਿਲ੍ਹਾ ਬਾੜਾ ਅਤੇ ਕਿਲ੍ਹਾ ਮਿਚਨੀ ਆਦਿ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ। ਜਦੋਂ ਇਨ੍ਹਾਂ ਕਿਲ੍ਹਿਆਂ ਦੀ ਉਸਾਰੀ ਦੀ ਖ਼ਬਰ ਕਾਬਲ ਅਫ਼ਗਾਨੀਆਂ ਪਾਸ ਪੁੱਜੀ ਤਾਂ ਉਨ੍ਹਾਂ ਨੂੰ ਇਹ ਸਮਝਣ 'ਚ ਜ਼ਿਆਦਾ ਦੇਰ ਨਾ ਲੱਗੀ ਕਿ ਹੁਣ ਸ. ਨਲਵਾ ਪਿਸ਼ਾਵਰ ਤੋਂ ਬਾਅਦ ਜਲਾਲਾਬਾਦ ਅਤੇ ਕਾਬਲ ਨੂੰ ਖ਼ਾਲਸਾ ਰਾਜ 'ਚ ਮਿਲਾਉਣ ਦੀ ਤਿਆਰੀ ਵਿਚ ਹੈ। ਇਸ 'ਤੇ ਅਮੀਰ ਦੋਸਤ ਮੁਹੰਮਦ ਖ਼ਾਨ ਨੇ ਆਪਣੇ ਪੰਜਾਂ ਪੁੱਤਰਾਂ ਨੂੰ ਗ਼ਾਜ਼ੀਆਂ ਦੇ ਇਕ ਬਹੁਤ ਭਾਰੀ ਲਸ਼ਕਰ ਸਮੇਤ ਮਿਰਜ਼ਾ ਸਮੀ ਖ਼ਾਨ ਨੂੰ ਆਪਣਾ ਲਾਇਬੁਲ ਸਲਤਨਤ ਮੁਕੱਰਰ ਕਰ ਕੇ 15 ਅਪ੍ਰੈਲ, 1837 ਨੂੰ ਖ਼ਾਲਸੇ 'ਤੇ ਚੜ੍ਹਾਈ ਕਰਨ ਲਈ ਤੋਰ ਦਿੱਤਾ।
ਉਧਰ ਇਕ ਪਾਸੇ ਸਰਹੱਦ ਦੀ ਸੁਰੱਖਿਆ ਦੀਆਂ ਤਿਆਰੀਆਂ ਲਈ ਕਿਲ੍ਹਿਆਂ ਦੇ ਨਿਰਮਾਣ ਵਿਚ ਦਿਨ-ਰਾਤ ਜੁਟੇ ਰਹਿਣ ਕਰਕੇ ਸ. ਹਰੀ ਸਿੰਘ ਨਲਵਾ ਥਕੇਵੇਂ ਦੇ ਕਾਰਨ ਪਿਸ਼ਾਵਰ ਦੇ ਕਿਲ੍ਹੇ ਵਿਚ ਬਿਮਾਰ ਪਏ ਹੋਏ ਸਨ ਅਤੇ ਵੈਦਾਂ ਨੇ ਉਨ੍ਹਾਂ ਨੂੰ ਕਿਤੇ ਵੀ ਜਾਣ ਤੋਂ ਮਨ੍ਹਾ ਕਰ ਕੇ ਆਰਾਮ ਕਰਨ ਲਈ ਕਿਹਾ ਹੋਇਆ ਸੀ। ਦੂਜੇ ਪਾਸੇ ਲਾਹੌਰ 'ਚ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਸਮਾਰੋਹ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਅੰਗਰੇਜ਼ ਅਫ਼ਸਰਾਂ, ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਨੂੰ ਪ੍ਰਭਾਵਿਤ ਕਰਨ ਲਈ ਪਿਸ਼ਾਵਰ ਤੋਂ ਵੱਡੀ ਗਿਣਤੀ ਵਿਚ ਫ਼ੌਜ ਮੰਗਵਾ ਲਈ ਗਈ ਸੀ।
ਸ. ਨਲਵਾ ਵਲੋਂ ਨਿਯੁਕਤ ਕੀਤੇ ਕਿਲ੍ਹਾ ਜਮਰੌਦ ਦੇ ਕਿਲ੍ਹੇਦਾਰ ਅਤੇ ਉਨ੍ਹਾਂ ਦੇ ਪਾਲਿਤ ਪੁੱਤਰ ਸ. ਮਹਾਂ ਸਿੰਘ ਮੀਰਪੁਰੀਆ ਨੂੰ ਰੋਜ਼ਾਨਾ ਅਫ਼ਗਾਨੀਆਂ ਵਲੋਂ ਜੰਗੀ ਤਿਆਰੀਆਂ ਦੀਆਂ ਖ਼ਬਰਾਂ ਪਹੁੰਚ ਰਹੀਆਂ ਸਨ। ਸ. ਮੀਰਪੁਰੀਆ ਨੇ ਕਿਲ੍ਹੇ 'ਚੋਂ ਸ. ਨਲਵਾ ਪਾਸ ਲਿਖਤੀ ਸੁਨੇਹਾ ਭੇਜਿਆ, ਜਿਸ ਵਿਚ ਉਸ ਨੇ ਫ਼ੌਜ ਦੀ ਮੰਗ ਕੀਤੀ। ਸ. ਨਲਵਾ ਨੇ ਉਸ ਦੇ ਖ਼ਤ ਸਮੇਤ ਆਪਣੇ ਵਲੋਂ ਇਕ ਅਰਜ਼ੀ ਲਿਖਵਾ ਕੇ ਮਹਾਰਾਜਾ ਪਾਸ ਜਲਦੀ ਨਾਲ ਲਾਹੌਰ ਭਿਜਵਾ ਦਿੱਤੀ, ਜਿਸ 'ਚ ਉਨ੍ਹਾਂ ਪਿਸ਼ਾਵਰ ਦੀ ਫ਼ੌਜ ਜਲਦੀ ਵਾਪਸ ਭੇਜਣ ਦੀ ਮੰਗ ਕੀਤੀ। ਇਹ ਸੁਨੇਹਾ 26 ਅਪ੍ਰੈਲ ਦੀ ਦੁਪਹਿਰ ਨੂੰ ਰਾਜਾ ਧਿਆਨ ਸਿੰਘ ਡੋਗਰਾ ਪਾਸ ਪਹੁੰਚ ਗਿਆ, ਪਰ ਇਸ ਬਾਰੇ ਜਾਣਕਾਰੀ ਮਹਾਰਾਜਾ ਤੱਕ ਨਾ ਪਹੁੰਚੀ, ਜਿਸ ਕਾਰਨ 30 ਅਪ੍ਰੈਲ ਤੱਕ ਵੀ ਲਾਹੌਰ ਦਰਬਾਰ ਵਲੋਂ ਪਿਸ਼ਾਵਰ ਤੋਂ ਕੋਈ ਜਵਾਬ ਨਾ ਪਹੁੰਚਿਆ। ਉੱਧਰ ਅਫ਼ਗ਼ਾਨ 27 ਅਪ੍ਰੈਲ ਨੂੰ ਦੱਰਾ ਖ਼ੈਬਰ ਦੇ ਪੂਰਬੀ ਸਿਰੇ 'ਤੇ ਪਹੁੰਚ ਚੁਕੇ ਸਨ। ਜਦੋਂ ਉਨ੍ਹਾਂ ਨੂੰ ਸ. ਨਲਵਾ ਦੇ ਕਿਲ੍ਹੇ ਵਿਚ ਮੌਜੂਦ ਨਾ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਗਏਅਤੇ ਅਗਲੇ ਦਿਨ 28 ਅਪ੍ਰੈਲ ਨੂੰ ਉਨ੍ਹਾਂ ਨੇ ਕਿਲ੍ਹੇ 'ਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਸ ਗੋਲਾਬਾਰੀ ਦੇ ਜਵਾਬ ਵਿਚ ਸ. ਮਹਾਂ ਸਿੰਘ ਨੇ ਵੀ ਕਿਲ੍ਹੇ 'ਚੋਂ ਅਫ਼ਗਾਨੀਆਂ ਉੱਪਰ ਗੋਲਾਬਾਰੀ ਸ਼ੁਰੂ ਕਰਵਾ ਦਿੱਤੀ। ਇਸ ਗੋਲਾਬਾਰੀ ਦਾ ਸਿਲਸਿਲਾ ਰਾਤ ਦਾ ਹਨੇਰਾ ਹੋਣ ਤਕ ਚਲਦਾ ਰਿਹਾ।
ਦੂਜੇ ਦਿਨ ਵੀ ਅਫ਼ਗਾਨੀਆਂ ਨੇ ਦਿਨ ਚੜ੍ਹਦਿਆਂ ਹੀ ਕਿਲ੍ਹੇ ਉੱਪਰ ਤੋਪਾਂ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਕਿਲ੍ਹੇ ਵਿਚ ਮੌਜੂਦ ਇਕ ਹਜ਼ਾਰ ਖ਼ਾਲਸਾ ਫ਼ੌਜ ਦਾ ਅਫ਼ਗਾਨੀਆਂ ਦੇ 30 ਹਜ਼ਾਰ ਲਸ਼ਕਰ ਅੱਗੇ ਜ਼ਿਆਦਾ ਦੇਰ ਤੱਕ ਡਟੇ ਰਹਿਣਾ ਅਸੰਭਵ ਸੀ, ਪਰ ਫਿਰ ਵੀ ਖ਼ਾਲਸਾ ਫ਼ੌਜ ਦੇ ਹੌਸਲੇ ਬੁਲੰਦ ਰਹੇ ਅਤੇ ਉਹ ਅਫ਼ਗਾਨੀਆਂ ਉੱਪਰ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ। 30 ਅਪ੍ਰੈਲ ਨੂੰ ਅਫ਼ਗ਼ਾਨੀ ਕਿਲ੍ਹੇ ਦੀ ਬਾਹਰੀ ਬਾਹੀ ਨੂੰ ਤੋਪਾਂ ਦੇ ਗੋਲਿਆਂ ਨਾਲ ਢਾਹੁਣ 'ਚ ਕਾਮਯਾਬ ਹੋ ਗਏ, ਕਿਉਂਕਿ ਕਿਲ੍ਹਾ ਅਜੇ ਨਵਾਂ ਹੀ ਬਣਵਾਇਆ ਸੀ ਅਤੇ ਕਿਸੇ ਵੱਡੇ ਹਮਲੇ ਦੀ ਝਾਲ ਝੱਲਣ ਦੇ ਯੋਗ ਨਹੀਂ ਹੋਇਆ ਸੀ। ਇਸ ਦੇ ਬਾਵਜੂਦ ਅਫ਼ਗ਼ਾਨੀ ਲਸ਼ਕਰ ਦਾ ਕਿਲ੍ਹੇ ਦੇ ਅੰਦਰ ਵੜਨ ਦਾ ਹੌਸਲਾ ਨਾ ਪਿਆ। ਜਦ ਰਾਤ ਹੋਈ ਤਾਂ ਖ਼ਾਲਸਾ ਫ਼ੌਜ ਨੇ ਬੜੀ ਬਹਾਦਰੀ ਨਾਲ ਕਿਲ੍ਹੇ ਦੀ ਫ਼ਸੀਲ ਦਾ ਪਾੜ ਰੇਤ ਦੀਆਂ ਬੋਰੀਆਂ ਰੱਖ ਕੇ ਬੰਦ ਕਰ ਦਿੱਤਾ। ਕਿਲ੍ਹੇ ਦੀ ਅੰਦਰੂਨੀ ਹਾਲਤ ਅਤੇ ਬਾਹਰੋਂ ਫ਼ੌਜੀ ਮਦਦ ਬਾਰੇ ਸ. ਨਲਵਾ ਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਸੀ। ਖ਼ਾਲਸੇ ਦਾ ਅੰਤਿਮ ਸੰਦੇਸ਼ ਸ. ਨਲਵਾ ਤੱਕ ਪਹੁੰਚਾਉਣ ਲਈ ਇਕ ਬੀਬੀ ਹਰਸ਼ਰਨ ਕੌਰ ਪਠਾਣ ਔਰਤ ਦਾ ਭੇਸ ਬਣਾ ਕੇ ਰਾਤੋ-ਰਾਤ ਕਿਲ੍ਹੇ 'ਚੋਂ ਨਿਕਲ ਕੇ 30 ਅਪ੍ਰੈਲ ਨੂੰ ਪਿਸ਼ਾਵਰ ਪਹੁੰਚ ਗਈ।
ਜਦੋਂ ਮਹਾਂ ਸਿੰਘ ਦਾ ਖ਼ਤ ਸ. ਨਲਵਾ ਪਾਸ ਪਹੁੰਚਿਆ ਤਾਂ ਬਿਨਾਂ ਆਪਣੀ ਬਿਮਾਰੀ ਅਤੇ ਪ੍ਰਾਣਾਂ ਦੀ ਪ੍ਰਵਾਹ ਕਰਦੇ ਹੋਏ ਉਹ ਉੱਠ ਖੜ੍ਹੇ ਹੋਏ। ਇੱਥੋਂ ਹੀ ਉਨ੍ਹਾਂ ਸ. ਮਹਾਂ ਸਿੰਘ ਵਲੋਂ ਲਿਖੇ ਅੰਤਿਮ ਖ਼ਤ ਦੇ ਨਾਲ ਹੀ ਆਪਣੇ ਵਲੋਂ ਇਕ ਖ਼ਤ ਲਿਖ ਕੇ ਮਹਾਰਾਜਾ ਪਾਸ ਲਾਹੌਰ ਭਿਜਵਾ ਦਿੱਤਾ। ਸ. ਨਲਵਾ ਵਲੋਂ 15 ਮਾਰਚ ਤੋਂ 21 ਅਪ੍ਰੈਲ ਤੱਕ ਲਗਾਤਾਰ ਫ਼ੌਜੀ ਇਮਦਾਦ ਲਈ ਚਾਰ ਅਰਜ਼ੀਆਂ ਲਾਹੌਰ ਦਰਬਾਰ ਵੱਲ ਭੇਜੀਆਂ ਗਈਆਂ। ਹਾਲਾਂਕਿ ਕੰਵਰ ਦਾ ਵਿਆਹ ਤਾਂ 7 ਮਾਰਚ, 1837 ਨੂੰ ਹੋ ਚੁੱਕਿਆ ਸੀ, ਪਰ ਮਹਾਰਾਜਾ ਅੰਗਰੇਜ਼ ਮਹਿਮਾਨਾਂ ਨੂੰ ਸੈਰ ਅਤੇ ਸ਼ਿਕਾਰ ਕਰਾਉਣ ਤੋਂ ਬਾਅਦ ਲਾਹੌਰ ਤੋਂ ਵਿਦਾ ਕਰਨ 'ਚ ਰੁੱਝੇ ਰਹੇ, ਜਿਸ ਕਰਕੇ ਰਾਜਾ ਧਿਆਨ ਸਿੰਘ ਨੂੰ ਫ਼ੌਜਾਂ ਪਿਸ਼ਾਵਰ ਨਾ ਭੇਜਣ ਦਾ ਬਹਾਨਾ ਮਿਲ ਗਿਆ।
ਖ਼ੈਰ, ਸ. ਨਲਵਾ ਨੇ ਤੁਰੰਤ ਪਿਸ਼ਾਵਰ ਕਿਲ੍ਹੇ ਵਿਚਲੀ ਫ਼ੌਜ ਨੂੰ ਜਮਰੌਦ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ। ਬੁਰਜ ਹਰੀ ਸਿੰਘ ਦੇ ਨਜ਼ਦੀਕ ਪਹੁੰਚ ਕੇ ਸ. ਨਲਵਾ ਨੇ ਫ਼ੌਜ ਨੂੰ ਤਿੰਨ ਹਿੱਸਿਆਂ ਵਿਚ ਵੰਡ ਲਿਆ। ਇਕ ਹਿੱਸਾ ਸ. ਨਿਧਾਨ ਸਿੰਘ 'ਪੰਜ ਹੱਥਾਂ' ਨਾਲ ਤੋਰ ਦਿੱਤਾ, ਦੂਜਾ ਅਮਰ ਸਿੰਘ ਖ਼ੁਰਦ 'ਮਜੀਠੀਆ' ਨਾਲ ਅਤੇ ਤੀਜਾ ਆਪਣੇ ਨਾਲ ਰੱਖਿਆ। ਉਧਰ ਜਦੋਂ ਅਫ਼ਗ਼ਾਨੀ ਕਿਲ੍ਹੇ ਉੱਪਰ ਕਬਜ਼ਾ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਸਨ ਤਾਂ ਬਿਲਕੁਲ ਉਸੇ ਮੌਕੇ ਸ. ਨਲਵਾ ਨੇ ਜਮਰੌਦ ਪਹੁੰਚ ਕੇ ਅਫ਼ਗਾਨੀਆਂ 'ਤੇ ਅਜਿਹਾ ਹਮਲਾ ਕੀਤਾ ਕਿ ਵੇਖਦਿਆਂ ਹੀ ਵੇਖਦਿਆਂ ਜਮਰੌਦ ਦੇ ਕਿਲ੍ਹੇ ਦੇ ਬਾਹਰ ਦੂਰ-ਦੂਰ ਤੱਕ ਅਫ਼ਗਾਨੀਆਂ ਦੇ ਧੜ ਤੋਂ ਵੱਖ ਹੋਏ ਸਿਰ ਨਜ਼ਰ ਆ ਰਹੇ ਸਨ। ਅਫ਼ਗ਼ਾਨੀ ਸੈਨਾ ਵਿਚ ਬੁਰੀ ਤਰ੍ਹਾਂ ਤਰਥੱਲੀ ਮੱਚ ਗਈ। ਜਿੱਧਰ ਕਿਸੇ ਨੂੰ ਜਗ੍ਹਾ ਲੱਭੀ, ਉਹ ਉਧਰ ਹੀ ਭੱਜ ਟੁਰਿਆ। ਹੁਣ ਜਮਰੌਦ ਦੇ ਮੈਦਾਨ ਵਿਚ ਨਾ ਤਾਂ ਦੋਸਤ ਮੁਹੰਮਦ ਖ਼ਾਨ ਦਾ ਕੋਈ ਪੁੱਤਰ ਹੀ ਸਾਹ ਲੈਂਦਾ ਨਜ਼ਰ ਆ ਰਿਹਾ ਸੀ ਅਤੇ ਨਾ ਹੀ ਕੋਈ ਜਿਹਾਦੀ। ਸ. ਨਲਵਾ ਦੇ ਜਵਾਨਾਂ ਨੇ ਭੱਜਦੇ ਹੋਏ ਅਫ਼ਗਾਨੀਆਂ ਪਾਸੋਂ ਉਨ੍ਹਾਂ ਦੀਆਂ 14 ਵੱਡੀਆਂ ਤੋਪਾਂ ਵੀ ਖੋਹ ਲਈਆਂ।
ਇਸ ਤੋਂ ਬਾਅਦ ਜਦੋਂ ਸ. ਨਲਵਾ ਆਪਣੀ ਫ਼ੌਜ ਨੂੰ ਆਰਾਮ ਦੇਣ ਲਈ ਕੈਂਪ 'ਚ ਭੇਜਣ ਦੀ ਸੋਚ ਰਹੇ ਸਨ ਤਾਂ ਉਸੇ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ. ਨਿਧਾਨ ਸਿੰਘ 'ਪੰਜ ਹੱਥਾ' ਸਿਰਫ਼ 1500 ਸਿਪਾਹੀਆਂ ਨੂੰ ਨਾਲ ਲੈ ਕੇ ਅਫ਼ਗਾਨੀਆਂ ਨੂੰ ਅੱਗੇ ਲਗਾ ਕੇ ਦੁੜਾਉਂਦਾ ਹੋਇਆ ਦੱਰਾ ਖ਼ੈਬਰ ਦੇ ਅੰਦਰ ਕਾਫ਼ੀ ਦੂਰ ਤੱਕ ਨਿਕਲ ਚੁੱਕਿਆ ਹੈ। ਇਸ 'ਤੇ ਉਸ ਨੂੰ ਵਾਪਸ ਲਿਆਉਣ ਲਈ ਸ. ਨਲਵਾ ਨੂੰ ਵੀ ਤੁਰੰਤ ਉਸ ਦੇ ਪਿੱਛੇ ਜਾਣਾ ਪਿਆ। ਉਧਰੋਂ ਸਮਸ-ਉ-ਦੀਨ ਖ਼ਾਨ ਨੇ 2000 ਜੰਗੀ ਸਿਪਾਹੀਆਂ ਨਾਲ ਦੱਰਾ ਖ਼ੈਬਰ 'ਚ ਪਹੁੰਚ ਕੇ ਅਫ਼ਗਾਨੀਆਂ ਨੂੰ ਖ਼ਾਲਸੇ ਨਾਲ ਯੁੱਧ ਲਈ ਪ੍ਰੇਰਿਆ। ਕੁਝ ਨੇ ਤਾਂ ਉਸ ਦੀ ਇਕ ਨਾ ਸੁਣੀ ਅਤੇ ਬਾਕੀ ਨਿਧਾਨ ਸਿੰਘ 'ਪੰਜ ਹੱਥਾ' ਵੱਲ ਨੂੰ ਵਾਪਸ ਮੁੜ ਆਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਉਸ ਵੇਲੇ ਸ. ਨਲਵਾ ਸਰਕਮਰ (ਰਤੀ ਚਟਾਨ) ਵਿਖੇ ਪਹੁੰਚ ਗਏ ਸਨ। ਇੱਥੇ ਇਕ ਚਟਾਨ 'ਚ ਗੁਫ਼ਾ ਬਣੀ ਹੋਈ ਸੀ, ਜਿਸ ਵਿਚ ਲੁਕੇ ਹੋਏ ਗ਼ਾਜ਼ੀਆਂ ਨੇ ਸ. ਨਲਵਾ ਉੱਪਰ ਗੋਲੀ ਚਲਾ ਦਿੱਤੀ। ਇਕ ਗੋਲੀ ਉਨ੍ਹਾਂ ਦੀ ਛਾਤੀ 'ਚ ਅਤੇ ਇਕ ਪੱਟ ਵਿਚ ਲੱਗੀ। ਜ਼ਖ਼ਮੀ ਹੁੰਦਿਆਂ ਹੀ ਸ. ਨਲਵਾ ਨੇ ਬੜੇ ਹੌਸਲੇ ਤੋਂ ਕੰਮ ਲਿਆ ਅਤੇ ਸ. ਅਮਰ ਸਿੰਘ ਖ਼ੁਰਦ ਨੂੰ ਸ. ਨਿਧਾਨ ਸਿੰਘ ਦੀ ਮਦਦ ਲਈ ਭੇਜ ਕੇ ਆਪਣਾ ਘੋੜਾ ਕਿਲ੍ਹਾ ਜਮਰੌਦ ਵੱਲ ਮੋੜ ਲਿਆ। ਕਿਲ੍ਹੇ ਵਿਚ ਪਹੁੰਚਣ ਤੋਂ ਬਾਅਦ ਉਨ੍ਹਾਂ ਸ. ਮਹਾਂ ਸਿੰਘ ਮੀਰਪੁਰੀਆ ਨੂੰ ਆਖਿਆ ਕਿ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਇਸ ਤਰ੍ਹਾਂ ਜ਼ਖ਼ਮੀ ਹੋ ਗਿਆ ਹਾਂ। ਸ. ਨਲਵਾ ਨੂੰ ਆਪਣੇ ਅੰਤ ਸਮੇਂ ਦੇ ਪਾਸ ਆਉਣ ਦਾ ਗਿਆਨ ਹੋ ਗਿਆ ਤਾਂ ਉਨ੍ਹਾਂ ਮਹਾਂ ਸਿੰਘ ਨੂੰ ਪਾਸ ਬੁਲਾਇਆ ਅਤੇ ਕਿਹਾ ਕਿ ਸਾਰੀ ਫ਼ੌਜ ਸਰਕਾਰ ਦੀ ਪੂਰੀ-ਪੂਰੀ ਵਫ਼ਾਦਾਰ ਤੇ ਨਮਕ ਹਲਾਲ ਹੋ ਕੇ ਰਹੇ ਅਤੇ ਮੇਰੀ ਮੌਤ ਦੀ ਖ਼ਬਰ ਲਾਹੌਰ ਤੋਂ ਮਦਦ ਆਉਣ ਤੱਕ ਗੁਪਤ ਰੱਖੀ ਜਾਵੇ। ਬੱਸ ਇਸ ਤੋਂ ਬਾਅਦ ਕੁਝ ਹੋਰ ਸ਼ਬਦ ਕਹਿ ਕੇ ਇਸ ਬੱਬਰ ਸ਼ੇਰ ਦੀ ਆਵਾਜ਼ ਮੱਧਮ ਪੈ ਗਈ ਅਤੇ ਸਿੱਖ ਰਾਜ ਦੇ ਸਤੰਭ ਇਸ ਬਹਾਦਰ ਜਰਨੈਲ ਨੇ 30 ਅਪ੍ਰੈਲ, 1837 ਨੂੰ ਆਪਣੇ ਪ੍ਰਾਣ ਤਿਆਗ ਦਿੱਤੇ। ਸ. ਮਹਾਂ ਸਿੰਘ ਮੀਰਪੁਰੀਆ ਨੇ ਕੁਝ ਪ੍ਰਮੁੱਖ ਸਰਦਾਰਾਂ ਨੂੰ ਬੁਲਾ ਕੇ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਸਰਦਾਰ ਸਾਹਿਬ ਦਾ ਸਸਕਾਰ ਅੱਧੀ ਰਾਤ ਨੂੰ ਕਿਲ੍ਹੇ ਵਿਚ ਕਨਾਤਾਂ ਦੇ ਅੰਦਰ ਕਰ ਦਿੱਤਾ। ਬਾਅਦ ਵਿਚ ਉਸੇ ਜਗ੍ਹਾ 'ਤੇ ਸ. ਨਲਵਾ ਦੀ ਸਮਾਧ ਬਣਾ ਦਿੱਤੀ ਗਈ।
ਮੁਨਸ਼ੀ ਸੋਹਣ ਲਾਲ 'ਉਮਦਤ-ਉਤ-ਤਵਾਰੀਖ਼' ਦਫ਼ਤਰ ਸੋਇਮ, ਹਿੱਸਾ ਚੁਹਾਰਮ, ਸਫ਼ਾ 397 'ਤੇ ਲਿਖਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ 6 ਮਈ ਨੂੰ ਰੋਹਤਾਸ ਦੇ ਮੁਕਾਮ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਸ. ਨਲਵਾ 30 ਅਪ੍ਰੈਲ ਨੂੰ ਹੀ ਸ਼ਹੀਦ ਹੋ ਗਏ ਹਨ। ਇਹ ਖ਼ਬਰ ਸੁਣਦਿਆਂ ਹੀ ਪਹਿਲਾਂ ਤਾਂ ਗ਼ੁੱਸੇ ਨਾਲ ਉਨ੍ਹਾਂ ਦਾ ਚਿਹਰਾ ਲਾਲ ਸੁਰਖ਼ ਹੋ ਗਿਆ ਅਤੇ ਫਿਰ ਇਕ ਦਮ ਆਪਣੇ ਸੁਭਾਅ ਦੇ ਉਲਟ ਉਨ੍ਹਾਂ ਆਪਣੇ ਬਹਾਦਰ ਸਰਦਾਰ ਹਰੀ ਸਿੰਘ ਨਲਵਾ ਦੀ ਮੌਤ ਦਾ ਇੰਨਾ ਜ਼ਿਆਦਾ ਦੁੱਖ ਪ੍ਰਗਟ ਕੀਤਾ ਕਿ ਵੇਖਣ ਵਾਲੇ ਵੀ ਸਭ ਦੰਗ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਕੁਝ ਦੇਰ ਦੀ ਚੁੱਪ ਤੋਂ ਬਾਅਦ ਉਨ੍ਹਾਂ ਇੰਨਾ ਹੀ ਕਿਹਾ, 'ਮੇਰੇ ਬਹਾਦਰ ਜਰਨੈਲ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਅੱਜ ਖ਼ਾਲਸਾ ਰਾਜ ਦੇ ਮਜ਼ਬੂਤ ਕਿਲ੍ਹੇ ਦਾ ਬੁਰਜ ਢਹਿ ਗਿਆ।'
ਮਹਾਰਾਜਾ ਦੇ ਕਹੇ ਇਹ ਸ਼ਬਦ ਬਿਲਕੁਲ ਸੱਚ ਸਾਬਤ ਹੋਏ ਅਤੇ ਸ. ਨਲਵਾ ਦੀ ਸ਼ਹਾਦਤ ਦੇ ਨਾਲ ਹੀ ਖ਼ਾਲਸਾ ਰਾਜ ਦੀਆਂ ਨੀਂਹਾਂ ਵਿਚ ਦਰਾੜਾਂ ਪੈ ਗਈਆਂ ਅਤੇ ਜਲਦੀ ਹੀ ਵੇਖਦਿਆਂ ਹੀ ਵੇਖਦਿਆਂ ਖ਼ਾਲਸਾ ਰਾਜ ਢਹਿ ਢੇਰੀ ਹੋ ਗਿਆ। ਸਪੱਸ਼ਟ ਸ਼ਬਦਾਂ ਵਿਚ ਸ. ਨਲਵਾ ਦੀ ਸ਼ਹਾਦਤ ਖ਼ਾਲਸਾ ਰਾਜ ਦੇ ਅੰਤ ਦੀ ਸ਼ੁਰੂਆਤ ਸੀ।